ਕਰੋਨਾ ਨੂੰ ਹਰਾਉਣ ਲਈ ਸਾਂਝੇ ਯਤਨਾਂ ਦੀ ਲੋੜ
ਕਰੋਨਾ ਵਾਇਰਸ ਜੋ ਸਾਹ ਪ੍ਰਣਾਲੀ ਵਿਚ ਇਨਫੈਕਸ਼ਨ ਦੇ ਫੈਲਣ ਦਾ ਕਾਰਨ ਬਣਿਆ ਹੈ ਜਿਹੜਾ ਹੁਣ ਕੋਵਿਡ-19 ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੋਵਿਡ-19 ਮਹਾਂਮਾਰੀ ਸਭ ਤੋਂ ਵੱਡੇ ਵਿਸ਼ਵ-ਵਿਆਪੀ ਖ਼ਤਰੇ ਵਜੋਂ ਸਾਹਮਣੇ ਆਈ ਹੈ। ਦੁਨੀਆ ਭਰ ਵਿਚ ਇਸ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਦਿਨੋਂ-ਦਿਨ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਸ ਕਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ਵਿਚ ਜਿੱਥੇ ਕੁਦਰਤ ਦੀ ਨੁਹਾਰ ਨੂੰ ਬਦਲਿਆ ਉੱਥੇ ਹਾਹਾਕਾਰ ਮਚਾ ਕੇ ਵੀ ਰੱਖ ਦਿੱਤੀ ਹੈ।
ਦੁਨੀਆ ਭਰ ਵਿਚ ਫੈਲ ਰਹੀ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਜਿੱਥੇ ਵਿਸ਼ਵ ਦੇ ਸਭ ਦੇਸ਼ਾਂ ਨੂੰ ਫ਼ਿਕਰ ਵਿਚ ਪਾ ਦਿੱਤਾ ਹੈ, ਉਥੇ ਹਰ ਦੇਸ਼ ਆਪੋ-ਆਪਣੀ ਸਮਰੱਥਾ ਮੁਤਾਬਿਕ ਇਸ ਨਾਲ ਲੜ੍ਹਨ ਲਈ ਜੁੱਟ ਗਿਆ ਹੈ। ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਜਿੱਥੇ ਕੇਂਦਰ ਅਤੇ ਰਾਜ ਸਰਕਾਰਾਂ ਆਪਣੇ ਯਤਨ ਕਰ ਰਹੀਆਂ ਹਨ ਉੱਥੇ ਸਿੱਖ ਜੱਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮਾਣਯੋਗ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੁਆਰਾ ਵੀ ਗਰੀਬ ਵਰਗ ਦੇ ਲੋਕਾਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਲੰਗਰ ਤਿਆਰ ਕਰਵਾ ਕੇ ਵੱਖ-ਵੱਖ ਸਥਾਨਾਂ ਤੇ ਪਹੁੰਚਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਨਿਵਾਸ ਸਥਾਨਾਂ ’ਤੇ ਸਰਾਵਾਂ ਨੂੰ ਹਸਪਤਾਲਾਂ ਵਿਚ ਤਬਦੀਲ ਕਰਕੇ ਬਹੁਤ ਹੀ ਵੱਡਮੁੱਲਾ ਯੋਗਦਾਨ ਪਾਇਆ ਹੈ ਜੋ ਕਿ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਇਹਨਾਂ ਤੋਂ ਇਲਾਵਾ ਵਿਸ਼ਵ ਭਰ ਦੀਆਂ ਐਨ.ਜੀ.ਓ. ਵੀ ਆਪਣਾ ਯੋਗਦਾਨ ਪਾ ਰਹੀਆਂ ਹਨ।
ਇਸ ਮਹਾਂਮਾਰੀ ਨੂੰ ਰੋਕਣ ਲਈ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਵਾਇਰਸ ਛਿੱਕ ਜਾਂ ਖ਼ਾਸੀ ਰਾਹੀਂ ਮੂੰਹ ’ਚੋਂ ਨਿਕਲੇ ਵਾਸ਼ਪਾਂ ’ਚ ਮੌਜੂਦ ਵਾਇਰਸ ਨਾਲ ਇਕ-ਦੂਜੇ ਤੋਂ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲ ਕੇ ਇਕ-ਦੂਜੇ ਦੇ ਸੰਪਰਕ ‘ਚ ਨਾ ਆਉਣ ਅਤੇ ਮਹਾਂਮਾਰੀ ਉੱਪਰ ਰੋਕ ਲਗਾਈ ਜਾ ਸਕੇ। ਜ਼ੁਕਾਮ, ਖ਼ਾਸੀ, ਤੇਜ ਬੁਖਾਰ, ਜੋੜਾਂ ਵਿਚ ਦਰਦ ਜਾਂ ਸਾਹ ਲੈਣ ਵਿਚ ਤਕਲੀਫ਼ ਵਰਗੀਆਂ ਨਿਸ਼ਾਨੀਆਂ ਸ਼ੱਕ ਦੇ ਆਧਾਰ ’ਤੇ ਦੱਸਦੀਆਂ ਹਨ ਕਿ ਵਿਅਕਤੀ ਕੋਵਿਡ ਨਾਮਕ ਵਾਇਰਸ ਤੋਂ ਪੀੜਤ ਹੋ ਸਕਦਾ ਹੈ। ਜੇਕਰ ਮਹਾਂਮਾਰੀ ਦੀ ਗੱਲ ਕਰੀਏ ਤਾਂ ਇਹ ਕੋਈ ਪਹਿਲੀ ਮਹਾਂਮਾਰੀ ਨਹੀਂ। ਇਸ ਮਹਾਂਮਾਰੀ ਤੋਂ ਪਹਿਲਾਂ ਵੀ ਧਰਤੀ ਤੇ ਕਈ ਮਹਾਂਮਾਰੀਆਂ ਜਿਵੇਂ ਹੈਜਾ, ਪਲੇਗ, ਡੇਂਗੂ ਆਦਿ ਵਰਗੀਆਂ ਬਿਮਾਰੀਆਂ ਨਾਲ ਮਹਾਂਮਾਰੀਆਂ ਫੈਲੀਆਂ ਹਨ। ਡਾਕਟਰਾਂ ਅਤੇ ਵਿਿਗਆਨੀਆਂ ਦੁਆਰਾ ਪਹਿਲਾ ਵੀ ਬੇਹੱਦ ਪ੍ਰਾਪਤੀਆਂ ਕੀਤੀਆਂ ਗਈਆਂ ਹਨ ਅਤੇ ਅੱਜ ਵੀ ਦੁਨੀਆਂ ਭਰ ਦੇ ਚੰਗੇ ਵਿਿਗਆਨੀ ਅਤੇ ਡਾਕਟਰ ਇਸ ਬਿਮਾਰੀ ਦਾ ਇਲਾਜ ਲੱਭਣ ਵਿਚ ਯਤਨਸ਼ੀਲ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਸਮੇਂ ਵਿਚ ਇਸ ਦੀ ਪ੍ਰਭਾਵਸ਼ਾਲੀ ਦਵਾਈ ਤਿਆਰ ਕਰ ਲਈ ਜਾਵੇਗੀ ਜਿਸ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇਗਾ। ਇਸ ਬਿਪਤਾ ਦੀ ਘੜੀ ਦੌਰਾਨ ਡਾਕਟਰਾਂ, ਵਿਿਗਆਨੀਆਂ, ਪੁਲਿਸ ਕਰਮਚਾਰੀਆਂ ਅਤੇ ਹੋਰ ਤੇਨਾਤ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਜੋ ਸਮੁੱਚੀ ਮਾਨਵਤਾ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।
ਦੂਜੇ ਪਾਸੇ ਅੱਜ ਦੇ ਨਵੇਂ ਸੰਚਾਰ ਸਾਧਨਾਂ ਦਾ ਇਕ ਵੱਡਾ ਨਕਾਰਾਤਮਿਕ ਪੱਖ ਇਹ ਹੈ ਕਿ ਸੋਸ਼ਲ ਮੀਡੀਆ ਰਾਹੀਂ ਅਕਸਰ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ ਜੋ ਸਮਾਜ ਦੇ ਲੋਕਾਂ ਨੂੰ ਭਰਮਾਉਣ ਦਾ ਕੰਮ ਕਰ ਰਹੀਆਂ ਹਨ। ਇਸ ਮਹਾਂਮਾਰੀ ਤੋਂ ਬਚਣ ਲਈ ਡਰਨ ਦੀ ਨਹੀਂ, ਸਮਝਣ ਦੀ ਲੋੜ ਹੈ। ਸਾਨੂੰ ਬੇਲੋੜੀਆਂ ਫੈਲਾਈਆਂ ਜਾਂਦੀਆਂ ਅਫ਼ਵਾਹਾਂ ਤੋਂ ਬਚਣ ਦੀ ਲੋੜ ਹੈ। ਪਹਿਲਾਂ ਤਾਂ ਆਪਣੇ ਆਪ ਨੂੰ ਕਰੋਨਾ ਮਹਾਂਮਾਰੀ ਦੀਆਂ ਬੇਲੋੜੀਆਂ ਖ਼ਬਰਾਂ ਤੇ ਜਿਸ ਸੂਚਨਾ ਬਾਰੇ ਪਹਿਲਾ ਤੋਂ ਹੀ ਜਾਣਦੇ ਹਾਂ, ਤੋਂ ਦੂਰ ਰੱਖਿਆ ਜਾਵੇ ਅਤੇ ਉਹਨਾਂ ਖ਼ਬਰਾਂ ਨੂੰ ਹੀ ਦੇਖਿਆ ਜਾਵੇ ਜਿਨ੍ਹਾਂ ਬਾਰੇ ਸਾਨੂੰ ਜਾਨਣ ਦੀ ਜ਼ਰੂਰਤ ਹੈ। ਇੰਟਰਨੈੱਟ ਉੱਪਰ ਵਧੇਰੇ ਜਾਣਕਾਰੀ ਦੀ ਭਾਲ ਨਾ ਕਰਕੇ ਆਪਣੀ ਮਾਨਸਿਕ ਸਥਿਤੀ ਨੂੰ ਕਮਜ਼ੋਰ ਨਾ ਕੀਤਾ ਜਾਵੇ। ਘਾਤਕ ਸੰਦੇਸ਼ ਭੇਜਣ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਕੁਝ ਲੋਕਾਂ ਦੀ ਤੁਹਾਡੇ ਵਾਂਗ ਉਨੀ ਮਾਨਸਿਕ ਤਾਕਤ ਨਹੀਂ ਹੁੰਦੀ। ਇਸ ਨਾਲ ਸਹਾਇਤਾ ਕਰਨ ਦੀ ਬਜਾਏ ਤੁਸੀਂ ਮਾਨਸਿਕ ਤਣਾਅ ਵਰਗੇ ਰੋਗਾਂ ਨੂੰ ਸਰਗਰਮ ਕਰ ਦਿੰਦੇ ਹੋ। ਜੇ ਸੰਭਵ ਹੋਵੇ ਤਾਂ ਘਰ ਵਿਚ ਰਹਿ ਕੇ ਹੱਥਾਂ ਨੂੰ ਬਾਰ-ਬਾਰ ਧੋਵੋ। ਘਰ ਅਤੇ ਇਸਦੇ ਆਲੇ-ਦੁਆਲੇ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖੋ।
ਘਰ ਵਿਚ ਰਹਿ ਕੇ ਸਮਾਂ ਬਿਤਾਉਣ ਲਈ ਸੁਹਾਵਣੀ ਆਵਾਜ਼ ਵਿਚ ਚੰਗਾ ਅਤੇ ਮਨਭਾਉਂਦਾ ਸੰਗੀਤ ਸੁਣੋ। ਬੱਚਿਆ ਦਾ ਮਨੋਰੰਜਨ ਕਰਨ ਲਈ ਉਹਨਾਂ ਨੂੰ ਕਹਾਣੀਆਂ ਸੁਣਾਉ ਅਤੇ ਭਵਿੱਖ ਦੀਆਂ ਯੋਜਨਾਵਾਂ ਲਈ ਨਵੀਆਂ ਖੇਡਾਂ ਦੀ ਭਾਲ ਕੀਤੀ ਜਾਵੇ। ਤੁਹਾਡਾ ਸਕਾਰਾਤਮਕ ਸੁਭਾਅ ਤੁਹਾਡੀ ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰੇਗਾ। ਜਦੋ ਕਿ ਨਕਾਰਾਤਮਕ ਵਿਚਾਰ ਤੁਹਾਡੀ ਪ੍ਰਤੀਰੋਧੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਕੇ ਵਾਇਰਸਾਂ ਦੇ ਵਿਰੁੱਧ ਕਮਜ਼ੋਰ ਬਣਾਉਂਦਾ ਹੈ। ਸਭ ਤੋਂ ਮਹੱਤਵਪੂਰਨ ਦ੍ਰਿੜਤਾ ਨਾਲ ਵਿਸ਼ਵਾਸ ਕਰੋ ਕਿ ਇਹ ਸਮਾਂ ਲੰਘੇਗਾ। ਇਸ ਬ੍ਰਹਿਮੰਡ ਦੇ ਰਚਣਹਾਰ ਪ੍ਰਮਾਤਮਾ ਉੱਪਰ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ। ਪਰਮਾਤਮਾ ਪਿਆਰ ਵੰਡਦਾ ਹੈ, ਸਜ਼ਾ ਨਹੀਂ। ਸੋ ਆਪਣੇ ਘਰਾਂ ਵਿਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਜਾਵੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇ। ਪਰਮਾਤਮਾ ਸਾਨੂੰ ਸਾਰਿਆਂ ਨੂੰ ਇਸ ਮਹਾਂਮਾਰੀ ਤੋਂ ਬਚਾਵੇਗਾ ਅਤੇ ਸਾਡੇ ਵੱਲੋਂ ਕੀਤੀਆਂ ਜਾਂਦੀਆਂ ਵੱਖ-ਵੱਖ ਕੁਰੀਤੀਆਂ ਤੇ ਕੁਦਰਤ ਨਾਲ ਖ਼ਿਲਵਾੜ ਲਈ ਮੁਆਫ਼ ਵੀ ਕਰੇਗਾ।
ਪ੍ਰੋ. ਹਰਪ੍ਰੀਤ ਸਿੰਘ
ਕੰਪਿਊਟਰ ਵਿਭਾਗ
ਐਸ.ਬੀ.ਡੀ.ਐਸ.ਐਮ. ਖ਼ਾਲਸਾ ਕਾਲਜ
ਡੁਮੇਲੀ (ਫਗਵਾੜਾ)