ਕੈਪਟਨ ਵਾਂਗੁ ਕੇਜਰੀਵਾਲ ਵੀ ਦਿੱਲੀ ਵਿਧਾਨ ਸਭਾ ‘ਚ ਕਿਸਾਨ ਵਿਰੋਧੀ ਕਾਨੂੰਨ ਰੱਦ ਦੀ ਹਿੰਮਤ ਦਿਖਾਉਣ – ਜੋਗਿੰਦਰ ਮਾਨ * ਪੰਜਾਬ ਨੂੰ ਲੈ ਕੇ ਕੇਜਰੀਵਾਲਾ ਦੀ ਹਮੇਸ਼ਾ ਰਹੀ ਦੋਗਲੀ ਨੀਤੀ
ਫਗਵਾੜਾ 6 ਦਸੰਬਰ
ਪੰਜਾਬ ਦੇ ਸਾਬਕਾ ਮੰਤਰੀ ਅਤੇ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਸ੍ਰ.ਜੋਗਿੰਦਰ ਸਿੰਘ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੰਗਾਰਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਜ਼ ‘ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਦਿੱਲੀ ਵਿਧਾਨਸਭਾ ਵਿੱਚ ਰੱਦ ਕਰਨ ਦੀ ਹਿੰਮਤ ਦਿਖਾਉਣ। ਅੱਜ ਇਥੋਂ ਜਾਰੀ ਬਿਆਨ ਵਿੱਚ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਲੋਂ ਇਕ ਕਾਨੂੰਨ ਨੂੰ ਨੋਟੀਫਾਈ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੂਰਾ ਮਾਰਿਆ ਹੈ। ਉਨਾਂ ਕਿਹਾ ਕਿ ਇਸ ਨਾਲ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੋਹਰਾ ਚਹਿਰਾ ਬੇਨਕਾਬ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਉਨਾਂ ਦੀ ਪਾਰਟੀ ਨੂੰ ਇਸ ਮੁੱਦੇ ‘ਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਉਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਹੈ। ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸਨ ਨੇ ਕਿਹਾ ਕਿ ਇਹ ਸਿੱਧ ਹੋ ਚੁੱਕਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੇ ਹਨ। ਕੈਪਟਨ ਸਰਕਾਰ ਵਲੋਂ ਨਾ ਕੇਵਲ ਪੰਜਾਬ ਵਿਧਾਨ ਸਭਾ ਵਿੱਚ ਇਨਾਂ ਕਾਨੂੰਨਾ ਨੂੰ ਰੱਦ ਕੀਤਾ ਗਿਆ ਬਲਕਿ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਕੇਜਰੀਵਾਲ ਅਤੇ ਉਸ ਵਰਗੇ ਹੋਰ ਝੂਠੇ ਲੋਕਾਂ ਦੀਆਂ ਇਸ ਤਰਾਂ ਦੀਆਂ ਗੈਰ ਜਿੰਮੇਵਾਰਾਨਾ ਹਰਕਤਾਂ ਕਿਸਾਨਾਂ ਦੇ ਪੱਖ ਨੂੰ ਕੰਮਜੋਰ ਕਰ ਰਹੀਆਂ ਹਨ। ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਕੇਜਰੀਵਾਲ ਨੂੰ ਸੱਤਾ ਦੀ ਲਾਲਸਾ ਹੈ ਅਤੇ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਦੋਗਲੀ ਨੀਤੀ ਉੱਤੇ ਚਲਦੇ ਹਨ ਪਰ ਪੰਜਾਬ ਦੇ ਸਮਝਦਾਰ ਲੋਕ ਇਸ ਗੰਭੀਰ ਮੁੱਦੇ ਪ੍ਰਤੀ ਵਹਾਏ ਜਾ ਰਹੇ ਆਮ ਆਦਮੀ ਪਾਰਟੀ ਆਗੂਆਂ ਦੇ ਮੱਗਰਮੱਛੀ ਹੰਝੂਆਂ ਤੋਂ ਚੰਗੀ ਤਰਾਂ ਵਾਕਫ਼ ਹਨ। ਸ੍ਰੀ ਮਾਨ ਨੇ ਕਿਹਾ ਕਿ ਭਾਵੇਂ ਪਾਣੀਆਂ ਦਾ ਮੁੱਦਾ ਹੋਵੇ ਜਾਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੀ ਗੱਲ ਹੋਵੇ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਹਮੇਸਾਂ ਹੀ ਦੋਗਲੀ ਨੀਤੀ ਨੂੰ ਅਪਣਾਇਆ ਹੈ।