Latest

ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਕੀਤੀ ਗਈ ਲਾਂਚ ਲਾਭਪਾਤਰੀ ਦੇ ਪਰਿਵਾਰ ਨੂੰ ਮਿਲੇਗੀ ੫ ਲੱਖ ਤੱਕ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਵਿੱਤੀ ਤੰਗੀ ਦੇ ਚੱਲਦਿਆਂ ਹੁਣ ਕੋਈ ਨਹੀਂ ਰਹੇਗਾ ਇਲਾਜ ਤੋਂ ਵਾਂਝਾ

ਕਪੂਰਥਲਾ, ੨੦ ਅਗਸਤ
(ਸ਼ਰਨਜੀਤ ਸਿੰਘ ਸੋਨੀ)
ਸਰਕਾਰ ਤੇ ਸਿਹਤ ਵਿਭਾਗ ਵੱਲੋਂ ਸਾਮਾਜਿਕ, ਆਰਥਿਕ ਤੇ ਜਾਤੀਗਤ ਜਨਗਣਨਾ ਵਿੱਚ ਸ਼ਾਮਲ ਪਰਿਵਾਰਾਂ, ਗਰੀਬ ਕਿਸਾਨਾਂ, ਛੋਟੇ ਵਪਾਰੀਆਂ, ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਉੱਚ ਸਿਹਤ ਸਹੂਲਤਾਂ ਦੇਣ ਵਾਲੀ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਨੂੰ ਅੱਜ ਲਾਂਚ ਕੀਤਾ ਗਿਆ। ਡਿਪਟੀ ਕਮਿਸ਼ਨਰ ਦਫਤਰ ਵਿਖੇ ਹੋਏ ਇਸ ਲਾਂਚ ਸਮਾਰੋਹ ਵਿੱਚ ਸਾਬਕਾ ਕੈਬਿਨੇਟ ਮੰਤਰੀ ਜੁਗਿੰਦਰ ਸਿੰਘ ਮਾਨ,ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੁਲ ਚਾਬਾ ਕਾਰਜਕਾਰੀ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਕਮ ਪ੍ਰੋਗਰਾਮ ਅਫਸਰ ਡਾ. ਸਾਰਿਕਾ ਦੁੱਗਲ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ, ਜਿਲਾ ਐਪੀਡੀਮੋਲੋਜਿਸਟ ਡਾ. ਨਵਪ੍ਰੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ.ਤਾਰਾ ਸਿੰਘ, ਡਾ. ਸੰਦੀਪ ਧਵਨ ਤੋਂ ਇਲਾਵਾ ਬਲਾਕਾਂ ਤੋ ਇਲਾਵਾ ਸਮੂਹ ਸੀਨੀਅਰ ਮੈਡੀਕਲ ਅਫਸਰ ਵੀ ਹਾਜਰ ਸਨ।ਇਸ ਦੌਰਾਨ ਸਦਭਾਵਨਾ ਦਿਵਸ ਦੇ ਮੌਕੇ ਤੇ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਸ਼ਹੀਦ ਰਾਜੀਵ ਗਾਂਧੀ ਨੂੰ ਜਨਮਦਿਵਸ ਮੌਕੇ ਨਿੱਘੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਨਾਲ ਹੀ ਸਰਬਤ ਸਿਹਤ ਬੀਮਾ ਯੋਜਨਾ ਦੇ ਲਾਭਪਤਾਰੀਆਂ ਨੂੰ ਈ ਕਾਰਡ ਵੀ ਵੰਡੇ ਗਏ।
ਇਸ ਮੌਕੇ ਤੇ ਸਾਬਕਾ ਮੰਤਰੀ ਜੁਗਿੰਦਰ ਸਿੰਘ ਮਾਨ ਨੇ ਕਿਹਾ ਕਿ  ਉਕਤ ਸਕੀਮ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਇਹ ਸਕੀਮ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋਏਗੀ ਜੋ ਆਰਥਿਕ ਤੰਗੀ ਦੇ ਚੱਲਦਿਆਂ ਆਪਣਾ ਇਲਾਜ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸਵਰਗੀ ਰਾਜੀਵ ਗਾਂਧੀ ਦੇ ਕਦਮਾਂ ਤੇ ਸਾਨੂੰ ਸਾਰਿਆਂ ਨੂੰ ਚਲਣ ਦੀ ਲੋੜ ਹੈ।
ਏ.ਡੀ.ਸੀ. ਰਾਹੁਲ ਚਾਬਾ ਨੇ ਕਿਹਾ ਕਿ  ਸਰਕਾਰ ਤੇ ਸਿਹਤ ਵਿਭਾਗ ਲੋਕਾ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ  ਇਸ ਸਕੀਮ ਦਾ ਲਾਭ ਪਹੁੰਚ ਸਕੇ।
ਕਾਰਜਕਾਰੀ ਸਿਵਲ ਸਰਜਨ ਡਾਕਟਰ ਰਮੇਸ਼ ਕੁਮਾਰੀ ਬੰਗਾ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਪੰਜਾਬ ਦੇ ੪੩ ਲੱਖ ਪਰਿਵਾਰਾਂ ਨੂੰ ਸਰਕਾਰੀ ਤੇ ਪੰਜੀਕ੍ਰਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਕੈਸ਼ਲੈੱਸ ਇਲਾਜ ਦੀ ਸਹੂਲਤ ਮਿਲੇਗੀ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਮ ਜਨਤਾ ਨੂੰ ਬਹੁਤ ਸਾਰੀਆਂ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਤੇ ਲੋਕਾਂ ਤੱਕ ਉਨ੍ਹਾਂ ਸਿਹਤ ਸਹੂਲਤਾਂ ਦੀ ਪਹੁੰਚ ਕਰਨੀ ਸਾਡਾ ਫਰਜ ਹੈ। ਡਾ. ਰਮੇਸ਼ ਕੁਮਾਰੀ ਬੰਗਾ ਨੇ ਇਹ ਵੀ ਕਿਹਾ ਕਿ ਜਿਲੇ ਵਿੱਚ ਈ ਕਾਰਡ ਬਣਾਉਣ ਦਾ ਕੰਮ ਜਾਰੀ ਹੈ। ਸਰਕਾਰੀ ਸਿਹਤ ਕੇਂਦਰਾਂ ਤੋਂ ਇਲਾਵਾ ਗ੍ਰਾਮ ਸੇਵਾ ਕੇਂਦਰਾਂ ਤੇ ਕਾਮਨ ਸਰਵਿਸ ਸੈਂਟਰਾਂ ਤੋਂ ਵੀ ਇਹ ਈ ਕਾਰਡ ਬਣਵਾਏ ਜਾ ਸਕਦੇ ਹਨ।
ਡਿਪਟੀ ਮੈਡੀਕਲ ਕਮਿਸ਼ਨਰ ਕਮ ਪ੍ਰੋਗਰਾਮ ਅਫਸਰ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਪਰਿਵਾਰ ਦੇ ਆਕਾਰ ਜਾਂ ਉਮਰ ਦੀ ਕੋਈ ਬੰਦਿਸ਼ ਨਹੀਂ ਰੱਖੀ ਗਈ ਹੈ ਬਲਕਿ ੨੦੧੧ ਦੀ ਸਮਾਜਕ, ਆਰਥਕ ਤੇ ਜਾਤੀਗਤ ਗਣਨਾ ਨੂੰ ਇਸ ਦਾ ਆਧਾਰ ਬਣਾਇਆ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਕੈਂਸਰ ਸਰਜਰੀ, ਕੀਮੋਥੈਰੇਪੀ, ਰੈਡੀਏਸ਼ਨ ਥੈਰੇਪੀ, ਹਾਰਟ ਬਾਈਪਾਸ ਸਰਜਰੀ, ਨਿਊਰੋ ਸਰਜਰੀ, ਰੀੜ ਦੀ ਸਰਜਰੀ, ਦੰਦਾਂ ਅਤੇ ਅੱਖਾਂ ਦੀ ਸਰਜਰੀ ਜਿਹੇ ਗੰਭੀਰ ਇਲਾਜ ਤੋਂ ਇਲਾਵਾ ਐਮ.ਆਰ.ਆਈ. ਅਤੇ ਸੀ.ਟੀ.ਸਕੈਨ ਜਿਹੇ ਮਹਿੰਗੇ ਟੈਸਟਾਂ ਵਿੱਚ ਕੈਸ਼ਲੈੱਸ ਸਹੂਲਤ ਮਿਲੇਗੀ।
ਇਸ ਮੌਕੇ ਤੇ ਬਲਬੀਰ ਰਾਣੀ ਸੋਢੀ ਜਿਲਾ ਪ੍ਰਧਾਨ ਕਾਂਗਰਸ ਪਾਰਟੀ, ਅਮ੍ਰਿੰਤਪਾਲ ਕੌਰ ਪ੍ਰਧਾਨ ਨਗਰ ਕੌਂਸਲ ਕਮੇਟੀ, ਮਨਜਿੰਦਰਜੀਤ ਸਿੰਘ ਔਜਲਾ ਜਿਲਾ ਪਰਿਸ਼ਦ ਮੈਂਬਰ, ਕੁਲਵੰਤ ਰਾਏ ਭੱਲਾ, ਰਜਿੰਦਰ ਕੌੜਾ ਸ਼ਹਿਰੀ ਪ੍ਰਧਾਨ ਕਾਂਗਰਸ ਕਪੂਰਥਲਾ, ਗੁਣਦੀਪ ਸਿੰਘ ਤੋਂ ਇਲਾਵਾ ਹੋਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!