Latest

ਆਈ.ਐਮ.ਏ. ਫਗਵਾੜਾ ਨੇ ਸੇਵਾਵਾਂ ਬੰਦ ਰੱਖ ਕੇ ਕੀਤਾ ਰਾਸ਼ਟਰ ਪੱਧਰੀ ਹੜਤਾਲ ਦਾ ਸਮਰਥਨ *ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਨਾਂ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਫਗਵਾੜਾ 17 ਜੂਨ
( ਸ਼ਰਨਜੀਤ ਸਿੰਘ ਸੋਨੀ )
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਵਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਤੇ ਆਈ.ਐਮ.ਏ. ਫਗਵਾੜਾ ਨੇ ਓ.ਪੀ.ਡੀ. ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜਾਂ ਲਈ ਸਿਰਫ ਐਮਰਜੇਂਸੀ ਸੇਵਾਵਾਂ ਹੀ ਉਪਲੱਬਧ ਸਨ। ਇਸ ਮੌਕੇ ਆਈ.ਐਮ.ਏ. ਫਗਵਾੜਾ ਦੇ ਪ੍ਰਧਾਨ ਡਾ. ਐਸ. ਰਾਜਨ ਨੇ ਦੱਸਿਆ ਕਿ ਫਗਵਾੜਾ ਦੇ ਕਰੀਬ 200 ਡਾਕਟਰਾਂ ਨੇ ਆਪਣੀਆਂ ਸੇਵਾਵਾਂ ਬੰਦ ਰੱਖ ਕੇ ਪੱਛਮੀ ਬੰਗਾਲ ‘ਚ ਡਾਕਟਰ ਨਾਲ ਹੋਈ ਕੁੱਟਮਾਰ ਪ੍ਰਤੀ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਕੋਈ ਵੀ ਡਾਕਟਰ ਇਹ ਨਹੀਂ ਚਾਹੁੰਦਾ ਕਿ ਉਸਦੇ ਮਰੀਜ ਨੂੰ ਕੋਈ ਪਰੇਸ਼ਾਨੀ ਹੋਵੇ ਜਾਂ ਉਸਦੀ ਬਿਮਾਰੀ ਠੀਕ ਨਾ ਹੋਵੇ ਪਰ ਕਈ ਵਾਰ ਉਮੀਦ ਮੁਤਾਬਕ ਨਤੀਜੇ ਨਾਲ ਮਿਲਣ ਕਾਰਨ ਮਰੀਜ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲਾਂ ਵਿਚ ਭੰਨ-ਤੋੜ ਅਤੇ ਡਾਕਟਰਾਂ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਜਿਸ ਨਾਲ ਡਾਕਟਰਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਕੋਈ ਵੀ ਡਾਕਟਰ ਡਰ ਜਾਂ ਦਹਿਸ਼ਤ ਵਿਚ ਠੀਕ ਢੰਗ ਨਾਲ ਮਰੀਜ ਦਾ ਇਲਾਜ ਨਹੀਂ ਕਰ ਸਕਦਾ। ਉਹਨਾਂ ਹੜਤਾਲ ਦੇ ਚਲਦਿਆਂ ਮਰੀਜਾਂ ਨੂੰ ਹੋਈ ਮੁਸ਼ਕਲ ਲਈ ਖੇਦ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਆਈ.ਐਮ.ਏ. ਦੇ ਸਾਬਕਾ ਪੰਜਾਬ ਪ੍ਰਧਾਨ ਡਾ. ਐਸ.ਪੀ.ਐਸ. ਸੂਚ ਨੇ ਕਿਹਾ ਕਿ ਸਰਕਾਰ ਨੂੰ ਇਕ ਸੈਂਟ੍ਰਲ ਲਾਅ ਬਨਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਡਾਕਟਰ ਜਾਂ ਹਸਪਤਾਲ ਨੂੰ ਨਿਸ਼ਾਨਾ ਬਨਾਉਣ ਦੀ ਸੂਰਤ ਵਿਚ ਸਖਤ ਕਾਨੂੰਨ ਲਾਗੂ ਹੋਵੇ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਡਾਕਟਰਾਂ ਨੂੰ ਸੁਰੱਖਿਅਤ ਵਾਤਾਵਰਣ ਦਿੱਤਾ ਜਾਵੇ। ਹੜਤਾਲ ਨੂੰ ਇੰਡੀਅਨ ਡੈਂਟਲ ਐਸੋਸੀਏਸ਼ਨ, ਨੀਮਾ, ਜੁਆਇੰਟ ਐਸੋਸੀਏਸ਼ਨ, ਇੰਨਡਿਪੈਨਡੇਂਟ ਮੈਡੀਕਲ ਲੈਬ ਐਂਡ ਅਲਾਇਡ ਪ੍ਰੋਫੈਸ਼ਨਲਜ਼ ਵਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ। ਆਈ.ਐਮ.ਏ. ਵਲੋਂ ਹਲਕਾ ਐਮ.ਪੀ. ਸੋਮ ਪ੍ਰਕਾਸ਼ ਕੈਂਥ ਦੇ ਨਾਮ ਫਗਵਾੜਾ ਦੇ ਤਹਿਸੀਲਦਾਰ ਨੂੰੁ ਇਕ ਮੰਗ ਪੱਤਰ ਵੀ ਦਿੱਤਾ ਗਿਆ ਤਾਂ ਜੋ ਆਪਣੀ ਮੰਗ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾ ਸਕੇ।

Leave a Reply

Your email address will not be published. Required fields are marked *

error: Content is protected !!